ਕਿਸਾਨ ਲੀਡਰ ਦੀ ਮੌਤ ਨਾਲ ਪ੍ਰਨੀਤ ਕੌਰ ਦੀਆਂ ਵਧੀਆਂ ਮੁਸ਼ਕਲਾਂ, ਹਰਪਾਲਪੁਰ ਖ਼ਿਲਾਫ਼ ਕੇਸ ਦਰਜ

0
100053
ਕਿਸਾਨ ਲੀਡਰ ਦੀ ਮੌਤ ਨਾਲ ਪ੍ਰਨੀਤ ਕੌਰ ਦੀਆਂ ਵਧੀਆਂ ਮੁਸ਼ਕਲਾਂ, ਹਰਪਾਲਪੁਰ ਖ਼ਿਲਾਫ਼ ਕੇਸ ਦਰਜ

ਪਟਿਆਲਾ: ਬੀਜੇਪੀ ਦੀ ਟਿਕਟ ਉਪਰ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜ ਰਹੀ ਪ੍ਰਨੀਤ ਕੌਰ ਦੀਆਂ ਮੁਸ਼ਕਲਾਂ ਵਧ ਗਈਆ ਹਨ। ਉਨ੍ਹਾਂ ਦੇ ਚੋਣ ਪ੍ਰੋਗਰਾਮ ਦੌਰਾਨ ਹਲਕਾ ਘਨੌਰ ਦੇ ਪਿੰਡ ਸੇਹਰਾ ਵਿੱਚ ਕਿਸਾਨਾਂ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਸਬੰਧ ਵਿੱਚ ਪ੍ਰਨੀਤ ਕੌਰ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਆਈਪੀਸੀ ਦੀ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਇਹ ਧਾਰਾ ਉਦੋਂ ਲੱਗਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਦੀ ਮੌਤ ਦਾ ਕਾਰਨ ਬਣ ਜਾਵੇ ਪਰ ਇਸ ਨੂੰ ਕਤਲ ਦੀ ਘਟਨਾ ਨਹੀਂ ਮੰਨਿਆ ਜਾਂਦਾ। ਇਹ ਧਾਰਾ ਗੈਰ-ਜ਼ਮਾਨਤੀ ਹੋਣ ਕਰਕੇ ਮੁਲਜ਼ਮ ਨੂੰ ਜੇਲ੍ਹ ਜਾਣਾ ਪੈਂਦਾ ਹੈ ਤੇ ਇਸ ਦੌਰਾਨ ਦੋਸ਼ੀ ਪਾਏ ਜਾਣ ’ਤੇ ਦਸ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮ੍ਰਿਤਕ ਕਿਸਾਨ ਦੇ ਭਤੀਜੇ ਰੇਸ਼ਮ ਸਿੰਘ ਦੇ ਬਿਆਨਾਂ ’ਤੇ ਥਾਣਾ ਖੇੜੀ ਗੰਡਿਆਂ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਅਨੁਸਾਰ ਭਾਜਪਾ ਆਗੂ ਪ੍ਰਨੀਤ ਕੌਰ ਦੇ ਸ਼ਨਿਚਰਵਾਰ ਨੂੰ ਸੇਹਰਾ ਪਿੰਡ ਪਹੁੰਚਣ ’ਤੇ ਕਿਸਾਨਾਂ ਨੇ ਉਨ੍ਹਾਂ ਦੀ ਗੱਡੀ ਘੇਰ ਲਈ ਸੀ। ਇਸ ਦੌਰਾਨ ਜਦੋਂ ਉਹ ਪੈਦਲ ਹੀ ਸਮਾਗਮ ਵਾਲੀ ਥਾਂ ’ਤੇ ਜਾਣ ਲੱਗੇ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਉਨ੍ਹਾਂ ਨੂੰ ਅੱਗੇ ਹੋ ਕੇ ਘੇਰ ਲਿਆ। ਇਸ ਮੌਕੇ ਕਿਸਾਨਾਂ ਤੇ ਪ੍ਰਨੀਤ ਕੌਰ ਦੇ ਸਮਰਥਕਾਂ ਦਰਮਿਆਨ ਹੱਥੋਪਾਈ ਵੀ ਹੋਈ।

ਇਸ ਮੌਕੇ ਦੀ ਵਾਇਰਲ ਹੋਈ ਵੀਡੀਓ ’ਚ ਹਰਵਿੰਦਰ ਹਰਪਾਲਪੁਰ ਵੀ ਕੁਝ ਕਿਸਾਨਾਂ ਨਾਲ ਹੱਥੋਪਾਈ ਹੁੰਦੇ ਨਜ਼ਰ ਆ ਰਹੇ ਹਨ। ਹਰਪਾਲਪੁਰ ਦਾ ਹਾਲਾਂਕਿ ਤਰਕ ਹੈ ਕਿ ਇਸ ਦੌਰਾਨ ਸੁਰਿੰਦਰਪਾਲ ਆਕੜੀ ਨਾਲ ਉਸ ਦਾ ਸਾਹਮਣਾ ਹੀ ਨਹੀਂ ਹੋਇਆ।

ਵਾਇਰਲ ਹੋਈ ਇੱਕ ਹੋਰ ਵੀਡੀਓ ਦੇ ਹਵਾਲੇ ਨਾਲ ਹਰਪਾਲਪੁਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗੱਡੀ ਤੋਂ ਫਾਸਲੇ ਨਾਲ ਖੜ੍ਹਾ ਸੁਰਿੰਦਰਪਾਲ ਆਕੜੀ ਦਿਲ ਜਾਂ ਮਿਰਗੀ ਦਾ ਦੌਰਾ ਪੈਣ ਮਗਰੋਂ ਹੇਠਾਂ ਡਿੱਗਦਾ ਹੈ ਤੇ ਇਸੇ ਹੀ ਵੀਡੀਓ ’ਚ ਉਹ (ਹਰਪਾਲਪੁਰ) ਪ੍ਰਨੀਤ ਕੌਰ ਦੀ ਗੱਡੀ ’ਚ ਬੈਠਾ ਦਿੱਸ ਰਿਹਾ ਹੈ।

ਹਰਪਾਲਪੁਰ ਨੇ ਕਿਹਾ ਕਿ ਕਿਸਾਨ ਆਗੂਆਂ ਵੱਲੋਂ ਪੁਲਿਸ ’ਤੇ ਬਣਾਏ ਦਬਾਅ ਕਰਕੇ ਉਸ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ। ਹਰਪਾਲਪੁਰ ਨੇ ਕਿਹਾ ਕਿ ਕਿਸਾਨ ਸੁਰਿੰਦਰਪਾਲ ਆਕੜੀ ਦੀ ਮੌਤ ਦਾ ਉਸ ਨੂੰ ਵੀ ਦੁੱਖ ਹੈ। ਉਨ੍ਹਾਂ ਕਿਹਾ ਕਿ ਆਕੜੀ ਕਿਸੇ ਕਿਸਾਨ ਜਥੇਬੰਦੀ ਦੀ ਬਜਾਏ ਅਕਾਲੀ ਦਲ ਦਾ ਅਹੁਦੇਦਾਰ ਸੀ ਤੇ ਭਾਜਪਾ ਖ਼ਿਲਾਫ਼ ਕਿਸਾਨਾਂ ਦੇ ਰੂਪ ’ਚ ਆਉਂਦੇ ਰਾਜਸੀ ਪਾਰਟੀਆਂ ਦੇ ਕਾਰਕੁਨਾਂ ਦੀ ਤਰ੍ਹਾਂ ਹੀ ਵਿਰੋਧ ਕਰਨ ਆਇਆ ਸੀ।

LEAVE A REPLY

Please enter your comment!
Please enter your name here